
ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਨੂੰ ਮਾਤਾ ਧੰਨ ਕੌਰ ਪਿਤਾ ਮਿਹਰ ਸਿੰਘ ਦੇ ਘਰ ਪਿੰਡ ਰਾਏਸਰ (ਬਰਨਾਲਾ) ਵਿਖੇ ਹੋਇਆ| ਪਰਿਵਾਰ ਦਾ ਮੁੱਖ ਧੰਦਾ ਦਿਹਾੜੀ ਜਾਂ ਸੀਰ ਕਰਨਾ ਸੀ| ਬਰਤਾਨਵੀ ਰਾਜ ਸਮੇਂ ਰਾਏਸਰ ਪਿੰਡ ਅੱਧਾ ਮਹਾਰਾਜਾ ਪਟਿਆਲੇ ਦੇ ਰਾਜ ਅਧੀਨ ਸੀ ਅਤੇ ਸੰਤ ਰਾਮ ਉਦਾਸੀ ਹੁਰਾਂ ਦਾ ਘਰ ਕਾਲਸਾਂ ਪੱਤੀ ਵਿਚ ਹੋਣ ਕਾਰਨ ਅੰਗਰੇਜ਼ੀ ਰਾਜ ਅਧੀਨ ਆਉਂਦਾ ਸੀ ਜੋ 1857 ਤੋਂ ਪਹਿਲਾਂ ਮਾਲੇਰਕੋਟਲਾ ਦੇ ਅਧੀਨ ਸੀ| ਸੰਤ ਰਾਮ ਉਦਾਸੀ ਅੰਦਰ ਕਲਾਕਾਰ ਵਾਲੀਆਂ ਰੁਚੀਆਂ ਮੁੱਢ ਤੋਂ ਹੀ ਸਨ| ਉਹ ਬਚਪਨ ਵਿਚ ਵੀ ਸ਼ਨਿੱਚਰਵਾਰ ਨੂੰ ਬਾਲ ਦਰਬਾਰ ਵਿਚ ਗਾਉਂਦਾ ਸੀ, ਫਿਰ ਹੌਲੀ ਹੌਲੀ ਧਾਰਮਿਕ ਸਟੇਜਾਂ ਉੱਤੇ ਵੀ ਗਾਉਣ ਲੱਗ ਪਿਆ| ਉਹ ਚੌਥੀ ਕਲਾਸ ਵਿਚ ਪੜ੍ਹਦੇ ਸਮੇਂ ਹੀ ਤੁਕਬੰਦੀ ਕਰਨ ਲੱਗ ਪਿਆ ਸੀ। ਸੰਤ ਰਾਮ ਉਦਾਸੀ ਦੀ ਨਾਟਕਾਂ ਵਿਚ ਵੀ ਦਿਲਚਸਪੀ ਸੀ ਪਰ ਨਾਮਧਾਰੀਆਂ ਦੇ ਪ੍ਰਭਾਵ ਕਾਰਨ ਉਹ ਨਾਟਕ ਛੱਡ ਕੇ ਕਵਿਤਾ ਵੱਲ ਝੁਕ ਗਿਆ| ਸੰਤ ਰਾਮ ਤੋਂ ਸੰਤ ਰਾਮ ਉਦਾਸੀ ਕਿਵੇਂ ਬਣਿਆ: ਸੰਤ ਰਾਮ ਦਾ ਕੁਕਰਿਆ ਦਾ ਇਲਾਜ ਕਰਵਾਉਣ ਲਈ ਉਸ ਦੀ ਮਾਂ ਉਸ ਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ ਸੀ| ਇਲਾਜ ਨਾਲ ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿਚ ਆਉਣ ਜਾਣ ਹੋ ਗਿਆ| ਉਹਦੇ ਦਾਦੇ ਨੇ ਉਸ ਨੂੰ ਉਦਾਸੀ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਲ ਤਖੱਲਸ ਵਾਂਗ ਹਮੇਸ਼ਾ ਲਈ ਜੁੜ ਗਿਆ| ਫਿਰ ਉਦਾਸੀ ਨੂੰ ਰਾਏਸਰ ਸਕੂਲ ਵਿਚ ਦਾਖਲ ਕਰਵਾ ਦਿਤਾ ਗਿਆ| ਉਦਾਸੀ ਨੇ ਦਸਵੀਂ ਤੱਕ ਦੇ ਪੇਪਰ 1957 ਵਿਚ ਬਖਤਗੜ੍ਹ ਤੋਂ ਦਿੱਤੇ| ਪਿਤਾ ਜੀ ਦੀ ਮੌਤ ਕਾਰਨ ਉਹ ਇਮਤਿਹਾਨ ਦੀ ਤਿਆਰੀ ਨਾ ਕਰ ਸਕਿਆ ਅਤੇ ਦਸਵੀਂ ਵਿਚੋਂ ਫੇਲ੍ਹ ਹੋ ਗਿਆ| ਫਿਰ ਪ੍ਰਾਈਵੇਟ ਦਸਵੀਂ ਪਾਸ ਕਰਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਡੈਮ ਤੇ ਮੁਨਸ਼ੀ ਦੀ ਨੌਕਰੀ ਕੀਤੀ| ਉਸ ਸਮੇਂ ਤੱਕ ਸਾਰਾ ਪਰਿਵਾਰ ਰਾਏਸਰ ਛੱਡ ਕੇ ਸਿਰਸੇ ਕੋਲ ਜਗਮਲੇਰੇ ਜਾ ਵੱਸਿਆ ਸੀ ਪਰ ਸੰਤ ਰਾਮ ਉਦਾਸੀ ਨੇ ਖਾਲਸਾ ਸਕੂਲ ਬਖਤਗੜ੍ਹ ਦੇ ਹੈੱਡਮਾਸਟਰ ਬਲਵੰਤ ਸਿੰਘ ਰਾਹੀਂ ਜੇਬੀਟੀ ਵਿਚ ਦਾਖਲਾ ਲੈ ਲਿਆ| ਸਤੰਬਰ 1961 ਵਿਚ ਉਸ ਨੂੰ ਬੀਹਲਾ ਪਿੰਡ ਵਿਖੇ ਪੱਕੀ ਸਰਕਾਰੀ ਨੌਕਰੀ ਮਿਲ ਗਈ| ਰਾਮ ਉਦਾਸੀ ਦੀਆਂ ਰਚਨਾਵਾਂ ਨੂੰ ਬਹੁਤ ਪਿਆਰ ਮਿਲਿਆ| ਇਹ ਸਾਰੀਆਂ ਰਚਨਾਵਾਂ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਨਾਈਆਂ ਹੋਈਆਂ ਹਨ | ਪਹਿਲੀ ਪ੍ਰਕਾਸ਼ਿਤ ਪੁਸਤਕ ‘ਲਹੂ ਭਿੱਜੇ ਬੋਲ’ (1971) ਸੀ। ਇਸ ਤੋਂ ਬਾਅਦ ‘ਸੈਨਤਾਂ’ (1975), ‘ਚੌਨੁਕਰੀਆਂ ਸੀਖਾਂ’ (1978), ‘ਲਹੂ ਤੋਂ ਲੋਹੇ ਤੱਕ’ (1979) ਛਪੀਆਂ। 1986 ਵਿਚ ਉਸ ਦੇ ਦੇਹਾਂਤ ਪਿਛੋਂ ਵੀ ਉਸ ਦੀਆਂ ਕਈ ਰਚਨਾਵਾਂ ਛਪੀਆਂ। ਸੰਤ ਰਾਮ ਉਦਾਸੀ ਪੇਂਡੂ ਦਲਿਤ ਗਰੀਬ ਘਰ ਵਿਚ ਪੈਦਾ ਹੋਇਆ ਅਤੇ ਪੜ੍ਹਿਆ| ਉਸ ਦਾ ਪਿਛੋਕੜ ਸਾਮਰਾਜੀ ਵਿਰੋਧ ਦੀ ਵੱਡੀ ਲਹਿਰ ਨਾਮਧਾਰੀ ਨਾਲ ਜੁੜਦਾ ਸੀ। ਉਸ ਨੂੰ ਕਲਾ ਦੀ ਦਾਤ ਆਪਣੇ ਪਰਿਵਾਰਕ ਵਿਰਸੇ ਵਿਚੋਂ ਮਿਲੀ। ਉਹ ਆਪਣੀ ਮਿਹਨਤ ਅਤੇ ਲਗਨ ਨਾਲ ਇਕ ਇਕ ਕਰ ਕੇ ਪੜ੍ਹਾਈ ਦੇ ਪੌਡੇ ਚੜ੍ਹਦਾ ਗਿਆ ਅਤੇ ਸਕੂਲ ਅਧਿਆਪਕਾ ਬਣ ਕੇ ਅੱਗੇ ਵਿਦਿਆਰਥੀਆਂ ਨੂੰ ਸਿੱਖਿਆ ਵੰਡਦਾ ਰਿਹਾ| ਆਪਣੇ ਆਖ਼ਰੀ ਸਮੇਂ ਦੌਰਾਨ ਉਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਗਿਆ ਹੋਇਆ ਸੀ। ਉਥੋਂ ਸੰਤ ਰਾਮ ਉਦਾਸੀ ਨੂੰ ਕਵੀ ਵਜੋਂ ਸੱਦਾ ਪੱਤਰ ਮਿਲਿਆ ਸੀ ਅਤੇ ਉਸ ਪ੍ਰੋਗਰਾਮ ਵਿਚ ਭਾਗ ਲੈਣ ਉਪਰੰਤ ਉਹ ਰੇਲ ਗੱਡੀ ਰਾਹੀਂ ਵਾਪਸ ਆ ਰਿਹਾ ਸੀ। ਉਸ ਵਕਤ ਉਹਦੇ ਨਾਲ ਪ੍ਰੋਫੈਸਰ ਬਲਕਾਰ ਸਿੰਘ (ਪਟਿਆਲਾ) ਵੀ ਉਨ੍ਹਾਂ ਦੇ ਨਾਲ ਸਨ। ਪ੍ਰੋਫੈਸਰ ਬਲਕਾਰ ਸਿੰਘ ਨੇ ਜਦੋਂ ਉਸ ਨੂੰ ਗੱਡੀ ਬਦਲਣ ਲਈ ਕਿਹਾ ਤਾਂ ਉਸ ਸਮੇਂ ਸੰਤ ਰਾਮ ਉਦਾਸੀ ਆਪਣੀ ਜ਼ਿੰਦਗੀ ਦਾ ਸਫ਼ਰ ਮੁਕਾ ਚੁੱਕਾ ਸੀ|