
ਪ੍ਰੋ. ਮੋਹਨ ਸਿੰਘ (1905–1978) ਕਵੀ ਦਾ ਜਨਮ 20 ਅਕਤੂਬਰ 1905 ਵਿੱਚ ਜੋਧ ਸਿੰਘ ਦੇ ਘਰ ਪੋਠੋਹਾਰੀ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। 1915 ਵਿੱਚ ਪਿੰਡ ਧਮਿਆਲ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕਰਨ ਉਪਰੰਤ 1920 ਵਿੱਚ ਰਾਵਲਪਿੰਡੀ ਤੋਂ ਦਸਵੀਂ ਦੀ ਪਰੀਖਿਆ ਪਾਸ ਕੀਤੀ। ਪੋਠੋਹਾਰ ਦੀ ਸੁਹਾਵਣੀ ਪ੍ਰਕਿਰਤਿਕ ਸੁੰਦਰਤਾ ਤੇ ਲੋਕਾਂ ਦੇ ਖੁੱਲ੍ਹੇ ਸੁਭਾਅ ਨੇ ਬਚਪਨ ਵਿੱਚ ਹੀ ਉਸ ਦੀ ਕਵੀ ਬਿਰਤੀ ਨੂੰ ਜਗਾਇਆ। 1921 ਵਿੱਚ ਉਸ ਦੀ ਪਹਿਲੀ ਪਤਨੀ ਬਸੰਤ ਦੀ ਮੌਤ ਨੇ ਇਸ ਦੇ ਕਵੀ ਮਨ ਤੇ ਡੂੰਘਾ ਅਸਰ ਕੀਤਾ, ਜਿਸ ਲਈ ਕਵੀ ਦੇ ਆਪਣੇ ਬੋਲ ਹਨ ‘ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇ ਕਰ ਮੈਂ ਨਾ ਮਰਦੀ।’ 1933 ਵਿੱਚ ਫ਼ਾਰਸੀ ਦੀ ਐਮ.ਏ. ਪਾਸ ਕਰ ਕੇ ਉਹ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਫ਼ਾਰਸੀ ਦਾ ਪ੍ਰੋਫ਼ੈਸਰ ਲੱਗ ਗਿਆ। ਸ਼ਿਮਲੇ ਦੀ ਪੰਜਾਬੀ ਕਾਨਫਰੰਸ ਸਮੇਂ ਕਵੀ ਦਰਬਾਰ ਵਿੱਚ ਉਸ ਦੀਆਂ ਲਿਖੀਆਂ ਕਵਿਤਾਵਾਂ ਪਹਿਲੇ ਨੰਬਰ ਤੇ ਰਹੀਆਂ, ਜਿਸ ਨਾਲ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ। 1937 ਵਿੱਚ ਕਾਵਿ-ਸੰਗ੍ਰਹਿ ਸਾਵੇਂ ਪੱਤਰ ਛਪਣ ਨਾਲ ਉਹ ਆਧੁਨਿਕ ਪੰਜਾਬੀ ਕਵੀਆਂ ਦੀ ਪਹਿਲੀ ਕਤਾਰ ਵਿੱਚ ਆ ਖੜੋਤਾ। ਖਾਲਸਾ ਕਾਲਜ ਦੀ ਨੌਕਰੀ ਛੱਡ ਕੇ ਉਸ ਨੇ ਲਾਹੌਰ ਤੋਂ ਪੰਜ ਦਰਿਆ ਨਾਂ ਦਾ ਸਾਹਿਤਿਕ ਪੱਤਰ ਸ਼ੁਰੂ ਕੀਤਾ, ਜਿਸ ਦੀ ਕਾਫ਼ੀ ਲੰਮੇ ਸਮੇਂ ਤੱਕ ਸੰਪਾਦਨਾ ਕੀਤੀ। 1950-51 ਵਿੱਚ ਉਸ ਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ, 1968 ਤੋਂ 1970 ਤੱਕ ਖਾਲਸਾ ਕਾਲਜ, ਪਟਿਆਲਾ ਵਿਖੇ ਪੜਾਇਆ। 1965 ਵਿੱਚ ਮੋਹਨ ਸਿੰਘ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਵੱਲੋਂ ਸਨਮਾਨਿਤ ਕੀਤਾ ਗਿਆ। ਆਧੁਨਿਕ ਪੰਜਾਬੀ ਕਵੀਆਂ ਦੀ ਦੂਜੀ ਪੀੜ੍ਹੀ ਦਾ ਇਹ ਸਰਬੋਤਮ ਕਵੀ ਸੀ। ਇਸ ਦੀਆਂ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ : ਸਾਵੇਂ ਪੱਤਰ, ਕਸੁੰਭੜਾ, ਅਧਵਾਟੇ, ਕਚ ਸਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈਮੀਰ ਤੇ ਨਾਨਕਾਇਣ (ਮਹਾਂਕਾਵਿ), ਬੂਹੇ, ਤਿੰਨ ਪੜਾ, ਪੰਜ ਪਾਣੀ ਮੋਹਨ ਸਿੰਘ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਅਤੇ ਨਿੱਕੀ ਨਿੱਕੀ ਵਾਸਨਾ ਉਸ ਦਾ ਕਹਾਣੀ-ਸੰਗ੍ਰਹਿ ਹੈ। ਏਸ਼ੀਆ ਦਾ ਚਾਨਣ (ਮਹਾਂਕਾਵਿ), ਰਾਜਾ ਈਡੀਪਸ, ਗੋਦਾਨ ਤੇ ਨਿਰਮਲਾ ਆਦਿ ਮੋਹਨ ਸਿੰਘ ਵੱਲੋਂ ਅਨੁਵਾਦਿਤ ਕੀਤੀਆਂ ਪੁਸਤਕਾਂ ਹਨ। 3 ਮਈ 1978 ਵਿੱਚ ਆਪਣੇ ਯੁੱਗ ਦੇ ਇਸ ਸਿਰਮੌਰ ਕਵੀ ਦੀ ਮੌਤ ਹੋ ਗਈ।